25/03/2024
ਔਰਨ ਕੀ ਹੋਲੀ ਮਮ ਹੋਲਾ॥ ਕਹਿਯੋ ਕਿ੍ਰਪਾਨਿਧ ਬਚਨ ਅਮੋਲਾ॥
ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਪਖੰਡਵਾਦ ਦੀਆਂ ਕੁਰੀਤੀਆਂ ਤੋਂ ਦੂਰ ਰੱਖਣ ਲਈ ਅਤੇ ਖ਼ਾਲਸੇ ਵਿਚ ਸੂਰਬੀਰਤਾ ਅਤੇ ਨਿਰਭੈਤਾ ਭਰਨ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਮਤ 1757 (1700 ਈਸਵੀ) ਚੇਤ ਵਦੀ ਇਕ ਨੂੰ ਹੋਲਗੜ੍ਹ ਦੇ ਸਥਾਨ ਉਤੇ ਹੋਲਾ-ਮਹੱਲਾ ਮਨਾਉਣ ਦੀ ਸ਼ੁਰੂਆਤ ਕਰਵਾਈ। ਇਸ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਸਿੱਖ-ਯੋਧਿਆਂ ਨੂੰ ਦੋ ਦਲਾਂ ਵਿਚ ਵੰਡ ਕੇ ਉਨ੍ਹਾਂ ਦਾ ਆਪਸ ਵਿਚ ਯੁਧ ਅਭਿਆਸ ਕਰਵਾਉਂਦੇ ਸਨ। ਇਕ ਦਲ ਕਿਸੇ ਨਿਸ਼ਚਿਤ ਸਥਾਨ ਦੀ ਰਾਖੀ ਕਰਦਾ ਸੀ ਅਤੇ ਦੂਜਾ ਉਸ ਸਥਾਨ ਨੂੰ ਫ਼ਤਿਹ ਕਰਨ ਦੀ ਕੋਸ਼ਿਸ਼ ਕਰਦਾ ਸੀ। ਜਿਹੜਾ ਦਲ ਜਿੱਤ ਪ੍ਰਾਪਤ ਕਰਦਾ ਉਸ ਨੂੰ ਸਿਰੋਪਾਉ ਦੀ ਬਖ਼ਸ਼ਿਸ਼ ਕੀਤੀ ਜਾਂਦੀ। ਕਵੀ ਸੁਮੇਰ ਸਿੰਘ ਜੀ ਨੇ ਦਸਮੇਸ਼ ਪਿਤਾ ਜੀ ਦੇ ਆਦੇਸ਼ ਨੂੰ ਇਸ ਤਰ੍ਹਾਂ ਕਲਮਬੰਦ ਕੀਤਾ ਹੈ:
ਔਰਨ ਕੀ ਹੋਲੀ ਮਮ ਹੋਲਾ॥ ਕਹਿਯੋ ਕਿ੍ਰਪਾਨਿਧ ਬਚਨ ਅਮੋਲਾ॥
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸੇ ਨੂੰ ਦੁਨੀਆ ਤੋਂ ਨਿਆਰੇ ਅਤੇ ਅਕਾਲ ਪੁਰਖ ਦਾ ਖਾਸ ਰੂਪ ਹੋਣ ਦਾ ਅਹਿਸਾਸ ਕਰਵਾਉਂਦਾ ਚੜ੍ਹਦੀ ਕਲ੍ਹਾ ਦਾ ਪ੍ਰਤੀਕ ‘ਹੋਲਾ ਮਹੱਲਾ’ ਅਸੀਂ ਹਰ ਸਾਲ ਮਨਾਉਂਦੇ ਹਾਂ। ਦਸਮ ਪਿਤਾ ਦੀਆਂ ਲਾਡਲੀਆਂ ਫ਼ੌਜਾਂ ਦੇ ਜੰਗਜੂ ਕਰਤੱਬ, ਬਾਣੀ-ਬਾਣੇ ਦੇ ਜਾਹੋ-ਜਲਾਲ ਨੂੰ ਦੇਖਦੇ ਹਾਂ। ਪਰ ਦੁੱਖ ਦੀ ਗੱਲ ਹੈ ਕਿ ਅੱਜ ਸਿੱਖ ਕੌਮ ਨੇ ਸਸ਼ਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀਂ ਸਮਝਿਆ, ਸਿਰਫ਼ ਫ਼ੌਜੀਆਂ ਦੇ ‘ਜੰਗਜੂ ਕਰਤੱਬ’ ਹੀ ਸਮਝਿਆ ਹੈ, ਜਦੋਂਕਿ ਦਸਮ ਪਿਤਾ ਦਾ ਉਪਦੇਸ਼ ਹੈ ਕਿ ਹਰ ਸਿੱਖ ਪੂਰਾ ਸਿਪਾਹੀ ਹੋਵੇ ਅਤੇ ਸਸ਼ਤਰ ਵਿਦਿਆ ਦਾ ਅਭਿਆਸ ਕਰੇ। ਸਿੱਖ ਕੌਮ ਗਲੋਬਲ ਪ੍ਰਭਾਵਾਂ ਕਾਰਨ ਆਪਣੀ ਸੱਭਿਆਚਾਰਕ ਪਛਾਣ ਅਤੇ ਸਰੂਪ ਨੂੰ ਗੁਆਉਂਦੀ ਜਾ ਰਹੀ ਹੈ। ਸਸ਼ਤਰ ਵਿਦਿਆ ਤੋਂ ਅਨਜਾਣ ਸਿੱਖ, ਖ਼ਾਲਸਾ ਪੰਥ ਦੇ ਨਿਯਮਾਂ ਅਨੁਸਾਰ ਅਧੂਰਾ ਹੈ। ‘ਹੋਲਾ-ਮਹੱਲਾ’ ਦਾ ਸਸ਼ਤਰ ਵਿਦਿਆ ਨਾਲ ਕਿੰਨਾ ਗੂੜਾ ਸਬੰਧ ਹੈ, ਇਸ ਨੂੰ ਕਵੀ ਨਿਹਾਲ ਸਿੰਘ ਬਿਆਨ ਕਰਦੇ ਹਨ:
ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ।
ਛਕਾ ਪ੍ਰਸਾਦਿ ਸਜਾ ਦਸਤਾਰਾ, ਅਰੁ ਕਰ ਦੋਨਾ ਟੋਲਾ ਹੈ।
ਸੁਭਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸਚੋਲਾ ਹੈ।
ਅਪਰ ਮੁਛਹਿਰਾ, ਦਾੜਵਾ ਜੱਸੇ, ਤੈਸਾ ਬੋਲਾ ਹੋਲਾ ਹੈ।
ਅਕਾਲ!🙏🏻🙏🏻🙏🏻🙏🏻🙏🏻